ਕੁਵੈਤ ਨੇ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰ ਰਹੇ ਵਿਦੇਸ਼ੀ ਕਰਮਚਾਰੀਆਂ ਲਈ ਇੱਕ ਨਵਾਂ ਕਾਨੂੰਨ ਜਾਰੀ ਕੀਤਾ ਹੈ। 1 ਜੁਲਾਈ 2025 ਤੋਂ ਸ਼ੁਰੂ ਹੋ ਰਹੇ ਇਸ ਨਿਯਮ ਤਹਿਤ, ਵਿਦੇਸ਼ੀ ਮਜ਼ਦੂਰਾਂ ਨੂੰ ਦੇਸ਼ ਛੱਡਣ ਤੋਂ ਪਹਿਲਾਂ ਆਪਣੀ ਕੰਪਨੀ ਜਾਂ ਮਾਲਕ ਤੋਂ ਐਗਜ਼ਿਟ ਪਰਮਿਟ (Exit Permit) ਲੈਣਾ ਲਾਜ਼ਮੀ ਹੋਵੇਗਾ।
ਇਹ ਨਵਾਂ ਨਿਯਮ ਗ੍ਰਹਿ ਮੰਤਰੀ 'ਸ਼ੇਖ ਫਹਦ ਅਲ ਯੂਸਫ' ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਦਾ ਮਕਸਦ ਮਜ਼ਦੂਰਾਂ ਅਤੇ ਮਾਲਕਾਂ ਦੋਵਾਂ ਦੇ ਹੱਕਾਂ ਦੀ ਰੱਖਿਆ ਕਰਨੀ ਅਤੇ ਨਿਗਰਾਨੀ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਹੈ। ਇਹ ਪ੍ਰਕਿਰਿਆ ਮਜ਼ਦੂਰੀ ਵਿਭਾਗ ਨਾਲ ਮਿਲ ਕੇ ਚਲਾਈ ਜਾਵੇਗੀ।
ਮਜ਼ਦੂਰਾਂ ਨੂੰ ਆਪਣੇ ਮਾਲਕ ਜਾਂ ਕੰਪਨੀ ਕੋਲ ਡਿਜੀਟਲ(online) ਰੂਪ ਵਿੱਚ ਬੇਨਤੀ ਪੱਤਰ ਭੇਜਣਾ ਪਵੇਗਾ, ਜਿਸ ਵਿੱਚ ਨਿੱਜੀ ਜਾਣਕਾਰੀ, ਯਾਤਰਾ ਦੀ ਮਿਤੀ ਅਤੇ ਹੋਰ ਲੋੜੀਂਦੇ ਵੇਰਵੇ ਹੋਣਗੇ। ਇਹ ਸਾਰੀ ਪ੍ਰਕਿਰਿਆ ਸਰਕਾਰੀ ਔਨਲਾਈਨ ਪਲੇਟਫਾਰਮ ਰਾਹੀਂ ਹੋਵੇਗੀ, ਜਿਸ ਨਾਲ ਤੇਜ਼ ਅਤੇ ਸਹੀ ਮਨਜ਼ੂਰੀ ਦਿੱਤੀ ਜਾਵੇਗੀ।
ਇਸ ਨਵੇਂ ਕਾਨੂੰਨ ਦਾ ਮਕਸਦ ਕੁਵੈਤ ਦੇ ਲੇਬਰ ਸਿਸਟਮ ਨੂੰ ਆਧੁਨਿਕ ਬਣਾਉਣਾ ਅਤੇ ਬਿਨਾਂ ਦੱਸੇ ਛੁੱਟੀ ਜਾਣ ਜਾਂ ਭੱਜਣ ਵਾਲੀਆਂ ਘਟਨਾਵਾਂ ਨੂੰ ਰੋਕਣਾ ਹੈ।
ਸਰਕਾਰ ਵੱਲੋਂ ਮਜ਼ਦੂਰਾਂ ਅਤੇ ਕੰਪਨੀਆਂ ਨੂੰ ਨਵੀਂ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਯਾਤਰਾ ਰੁਕਾਵਟ ਤੋਂ ਬਚਿਆ ਜਾ ਸਕੇ।